ListVideo
ਗੁਰਦੁਆਰਾ ਭਾਈ ਬਹਿਲੋ ਸਭ ਤੋਂ ਪਹਿਲੋ, ਪਿੰਡ ਫਫੜੇ ਭਾਈਕੇ
Photo Gallery
facebook
       ਇਹ ਪਾਵਨ ਅਸਥਾਨ ਬੁਢਲਾਡਾ ਸ਼ਹਿਰ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਮਨਸਾ ਰੋਡ ਤੇ ਸਸ਼ੋਭਤ ਹੈ ਇਹ ਗੁਰਦੁਆਰਾ ਸਾਹਿਬ ਭਾਈ ਬਹਿਲੋ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਭਾਈ ਬਹਿਲੋ ਜੀ ਦਾ, ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਕਰਕੇ ਸੇਵਾ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਅਤੇ ਨਵੇਕਲਾ ਸਥਾਨ ਹੈ ਭਾਈ ਬਹਿਲੋ ਜੀ ਦਾ ਜਨਮ ਸੰਮਤ 1610 (1553ਈ:) ਨੂੰ ਫਫੜੇ ਪਿੰਡ ਵਿਖੇ ਅਲਦਿੱਤ ਚੌਧਰੀ ਦੇ ਘਰ ਮਾਤਾ ਗਾਗ ਦੀ ਕੁੱਖੋ ਹੋਇਆ ਚੌਧਰੀ ਅਲਦਿੱਤ (ਅੱਲਾ ਦਿੱਤਾ) ਸਾਖੀ ਸਰਵਰ ਸੁਲਤਾਨ ਦਾ ਪੁਜਾਰੀ ਸੀ
“ ਦੇਸ ਮਾਲਵੇ ਫਫੜੇ ਪਿੰਡ ਮੈਂ ਸਿੱਧੂ ਜੱਟ ਅੱਲਦਿੱਤਾ,
ਹੁਤੋ ਚੌਧਰੀ ਵਡ ਸੁਲਤਾਨੀ ਬਹਿਲੋ ਸੁਤ ਪ੍ਰਭ ਦਿੱਤਾ||”
(ਪੰਥ ਪ੍ਰਕਾਸ ਗਿ: ਗਿਆਨ ਸਿੰਘ)
       ਭਾਈ ਬਹਿਲੋ ਦਾ ਮੁਢਲਾ ਪਰਿਵਾਰਿਕ ਨਾ ਬਹਿਲੋਲ (ਬਹਿਲੂਲ) ਸੀ। ਇਹ ਪਰਿਵਾਰ ਲੱਖੀ ਜੰਗਲ ਦੇ ਪ੍ਰਸਿੱਧ ਸਿੱਧੂ ਖਾਨਦਾਨ ਵਿੱਚ, ਸਿੱਧੂ ਪੁੱਤਰ ਦਾਹੜ ਦੀ ਲੜੀ ਵਿੱਚੋਂ, ਫਫੜਾ ਜਾਤਿ ਨਾਲ ਸਬੰਧਤ ਸੀ[ ਫਫੜੇ ਲੋਕ ਕਈ ਪੁਸਤਾ ਪਹਿਲਾ ਜਿਲ੍ਹਾ ਜਿਹਲਮ (ਪਾਕਿਸਤਾਨ) ਤੋਂ ਆ ਕੇ ਬੁਢਲਾਡੇ ਦੇ ਇਲਾਕੇ ਲੱਖੀ ਜੰਗਲ ਵਿੱਚ ਆਪਣਾ ਨਗਰ ਫੜਾ ਆਬਾਦ ਕਰਕੇ ਵਸ ਗਏ।
ਬਹਿਲੋਲ ਫਫੜੇ ਜਾਤਿ ਤਿਸ ਆਹਾ, ਲੱਖੀ ਜੰਗਲ ਗ੍ਰਹਿ ਤਿਸ ਰਹਾ ||
       ਪਰਿਵਾਰਕ ਰੀਤ ਅਨੁਸਾਰ ਬਹਿਲੋਲ ਵੱਡਾ ਹੋ ਕੇ ਸਰਵਰੀਆ ਆਗੂ ਬਣ ਹਰ ਸਾਲ ਵੱਡਾ ਸੰਗ ਲੈ ਕੇ ਪੀਰ ਦੇ ਸਥਾਨ ਨਗਾਹੇ (ਡੇਰਾ ਗਾਜ਼ੀ ਖਾ –ਪਾਕਿਸਤਾਨ) ਜਿਆਰਤ ਲਈ ਜਾਣ ਲੱਗ ਪਿਆ ਸੀ। ਬਹਿਲੋਲ ਦਾ ਤਾਇਆ ‘ ਖੈਰਾ ਫਫੜਾ ’ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਘੋੜ ਚੜ੍ਹਾ ਸਿੱਖ ਸੀ ਜੋ ਗੁਰੂ ਜੀ ਦੀ ਸੇਵਾ ਵਿੱਚ ‘ਰਾਮਦਾਸਪੁਰ’ ਵਿਖੇ ਸੇਵਾ ਵਿੱਚ ਹਾਜ਼ਰ ਸੀ। ਬਹਿਲੋਲ ਨੇ ਗੁਰੂਘਰ ਬਾਰੇ ਜਾਣਕਾਰੀ ਆਪਣੇ ਤਾਏ ਪਾਸੋ ਪ੍ਰਾਪਤ ਕਰ ਲਈ ਸੀ। ਪਰ ਉਹ ਸਰਵਰ ਭਰਪਤੀ ਛੱਡਕੇ ਸ਼੍ਰੀ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਦਾ ਸ਼ੁਭਾਗ ਪ੍ਰਾਪਤ ਨਾ ਕਰ ਸਕਿਆ। ਸੰਮਤ 1643 ਬਿ: (ਸੰ 1583ਈ:) ਵਿੱਚ ਅਚਾਨਕ ਇੱਕ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਇੱਕ ਮੇਵੜਾ, ਘੋੜ ਚੜ੍ਹਾ ਸਿੱਖ ਗੁਰੂ ਜੀ ਦਾ ਸੰਦੇਸ਼ ਲੈ ਕੇ ਫਫੜੇ ਨਗਰ ਵਿਖੇ ਬਹਿਲੋਲ ਪਾਸ ਪਹੁੰਚਿਆ, ਪਰ ਬਹਿਲੋਲ ਦੁਬਿਧਾ ਵਿੱਚ ਗ੍ਰੱਸਿਆ, ਹੁਕਮ ਦੀ ਪਾਲਣਾ ਨਾ ਕਰ ਸਕਿਆ। ਅੰਤ ਤੀਸਰੀ ਪੱਤ੍ਰਿਕਾ ਪ੍ਰਾਪਤ ਕਰਨ ਉਪਰੰਤ, ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਹਿੱਤ, ਉਹ ਦੁਬਿਧਾ ਤਿਆਗ ਕੇ, ਮੇਵੜੇ ਸਿੱਖ ਨਾਲ ਗੁਰੂ ਜੀ ਦੇ ਸਨਮੁੱਖ ਪੇਸ਼ ਹੋਇਆ ਤਾਂ ਦਰਸ਼ਨਾਂ ਦੀ ਪਹਿਲੀ ਝਲਕ ਨਾਲ ਹੀ ਕਾਇਆ ਕਲਪ ਹੋ ਗਈ। ਸਿੱਖ ਪੁਸ਼ਾਕ ਪਹਿਨ ਲਈ ਅਥਵਾ ਸਿੱਖੀ ਮਰਿਯਾਦਾ ਦਾ ਧਾਰਨੀ ਬਣ ਗਿਆ। ਅਗਲੇ ਦਿਨ ਭਾਈ ਬੁੱਢਾ ਜੀ ਤੋਂ ਟੋਕਰੀ ਅਤੇ ਕਹੀ ਪ੍ਰਾਪਤ ਕਰਕੇ ਸਰੋਵਰ ਦੀ ਪੁਟਾਈ ਕਰਨ ਲੱਗ ਪਿਆ। ਸੰਗਤ ਨਾਲ ਸੇਵਾ ਕਰਦਿਆਂ ਸੇਵਾ ਦੀ ਐਸੀ ਰੰਗਤ ਚੜੀ ਕਿ ਆਪਣੀ ਸੁੱਧ-ਬੁੱਧ ਤੋਂ ਬਿਰਤੀ ਮਸਤਾਨੀ ਹੋ ਗਈ। ਜਦੋਂ ਰਾਮਦਾਸ ਸਰੋਵਰ ਦੀ ਪੁਟਾਈ ਦਾ ਕੰਮ ਸਮਾਪਿਤ ਹੋ ਗਿਆ, ਤਾਂ ਗੁਰੂ ਸਾਹਿਬ ਨੇ ਸਰੋਵਰ ਦੇ ਪੌੜ ਪੱਕੇ ਕਰਨ ਦਾ ਕਾਰਜ ਆਰੰਭ ਕਰ ਦਿੱਤਾ। ਬਹਿਲੋਲ ਨੂੰ ਇੱਟਾ ਦੇ ਪਜਾਵੇ ਪਕਾਉਣ ਦੀ ਵਿਸ਼ੇਸ ਸੇਵਾ ਸੌਪੀ ਗਈ। ਦਿਨਾਂ ਵਿੱਚ ਹੀ ਕੂੜਾ ਕਰਕਟ ਅਤੇ ਸ਼ਹਿਰ ਦਾ ਗੰਦ ਮੰਦ ਇੱਕਠਾ ਕਰ, ਖੋਤਿਆ ਅਤੇ ਗੱਡਿਆ ਰਾਹੀਂ ਢੋ ਕੇ ਬਾਲਣ ਦੇ ਢੇਰ ਲਾ ਦਿੱਤੇ। ਭੱਠਿਆ ਦੇ ਕਾਰੀਗਰਾਂ ਦੀ ਸਲਾਹ ਅਨੁਸਾਰ, ਇੱਟਾ ਦੀ ਵੱਧ ਪਕਾਈ ਲਈ ਬਿਸਟਾ ਢੋਣ ਦਾ ਕੰਮ ਛੱਜ ਅਤੇ ਫਹੁੜੀ ਨਾਲ ਆਰੰਭ ਦਿੱਤਾ, ਜਿਸ ਦੀ ਢੁਆਈ ਆਪਣੇ ਸੀਸ ਉ੍ਨਪਰ ਟੋਕਰੀਆ ਰਾਹੀਂ ਕੀਤੀ ਗਈ। ਜਦੋਂ ਆਵੇ ਖੋਲੇ ਗਏ ਤਾਂ ਬਹਿਲੋਲ ਦੇ ਆਵੇ ਦੀਆਂ ਇੱਟਾ ਲਾਲ ਸੁਰਖ ਅਤੇ ਵਧੇਰੇ ਪੱਕੀਆਂ ਨਿਕਲੀਆ। ਗੁਰੂ ਜੀ ਇੱਟਾ ਵੇਖ ਕੇ ਗੱਦ ਗੱਦ ਹੋ ਉਠੇ। ਜਦੋਂ ਬਹਿਲੋਲ ਗੁਰੂ ਜੀ ਦੇ ਸਨਮੁੱਖ ਹੋਇਆ ਤਾਂ ਆਪਣੇ ਲਿੱਬੜੇ ਵਸਤਰ ਅਤੇ ਮਲੀਨ ਪਿੰਡੇ ਕਾਰਨ ਗੁਰੂ ਜੀ ਤੋਂ ਦੂਰ ਹਟ ਖਲੋਇਆ, ਪਰ ਗੁਰੂ ਜੀ ਨੇ ਝੱਟ ਉਸਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਆਪਣੀਆਂ ਸੱਭੋ ਖੁਸ਼ੀਆਂ, ਸੇਵਕ ਤੋਂ ਨਿਛਾਵਰ ਕਰ ਦਿੱਤੀਆਂ। ਤੁੱਠੇ ਸਤਿਗੁਰੂ ਦੇ ਮੁਖਾਰਬਿੰਦ ਵਿਚੋਂ ਸੁਤੇ ਹੀ ਇਹ ਸ਼ਬਦ ਨਿਕਲ ਗਏ, “ ਬਹਿਲੋ ਸਭ ਤੋਂ ਪਹਿਲੋ ” 
       ਉਸ ਦੀ ਘਾਲਣਾ, ਸਰੀਰਕ ਤਪੱਸਿਆ ਅਤੇ ਸ਼ਰਧਾ ਦੇ ਅਕਸ ਉਸ ਦੇ ਪਿੰਡੇ ਤੋਂ ਪ੍ਰਤੱਖ ਝਲਕ ਰਹੇ ਸਨ। ਗੁਰੂ ਜੀ ਉਸਦੇ ਬਿਸਟਾ ਢੋਏ ਜਾਣ ਕਾਰਨ ਉੱਚੜੇ ਪਿੰਡੇ ਅਤੇ ਮੰਡਾਸੇ ਹੇਠ ਪਏ ਕਿਰਮਾਂ ਨੂੰ ਦੇਖ ਦ੍ਰਵਿਤ ਹੋ ਗਏ। ਜਿਸ ਦਾ ਜਿਕਰ ਸੂਰਜ ਪ੍ਰਕਾਸ, ਰਾਸ2, ਅੰਸੂ 47 ਵਿੱਚ ਇਊ ਕੀਤਾ ਗਿਆ ਹੈ।
ਪਰਮ ਪ੍ਰੀਸਦੇ ਬਾਕ ਸੁਨਾਯੋ, ਇਹੁ ਆਵਾ ਅਬਿ ਪਕਾਯੋ[
ਇਹ ਸੇਵਾ ਮਹਿ ਲਗਾਯੋ ਘਨੇਰਾ, ਕਰਹਿ ਪਜਾਵਨ ਕਾਜ ਬਡੇਰਾ[
       ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਸੰਪੂਰਨ ਹੋ ਜਾਣ ਉਪਰੰਤ ਇੱਕ ਵਿਸ਼ੇਸ ਸਨਮਾਨ ਸਮਾਰੋਹ ‘ਚ ਭਾਈ ਬਹਿਲੋਂ ਨੂੰ ‘ ਸਭ ਤੋਂ ਪਹਿਲੋ ’ ਹੋਣ ਦਾ ਵਰਦਾਨ ਬਖਸਿਆ ਗਿਆ ਗੁਰੂ ਜੀ ਨੇ ਬਹਿਲੋਲ ਨੂੰ ਇਸ਼ਨਾਨ ਕਰਵਾਕੇ ਨਵੇ ਪੁਸ਼ਾਕੇ ਪਵਾਏ ਜਾਣ ਦਾ ਹੁਕਮ ਦੇ ਦਿੱਤਾ ਸਿੱਖਾਂ ਲਈ ਸਪਸ਼ਟ ਸੰਕੇਤ ਸੀ ਕਿ ਜਦੋਂ ਸਤਿਗੁਰੂ ਦੇ ਦਰ ‘ਤੇ ਸੇਵਾ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਕਥਿਤ ਰਿੱਧੀਆਂ-ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਪ੍ਰੇਮ ਰਸ ਦਾ ਮਾਖਿਓ ਸੁਤੇ ਹੀ ਉਪਲਬਧ ਹੋ ਜਾਂਦਾ ਹੈ ਸਮੂਹ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ ਸਭ ਫੋਕਟ ਭਰਮਾਂ ਦਾ ਨਾਸ਼ ਹੋ ਜਾਂਦਾ ਹੈ ਸਦੀਵੀ ਅਨੰਦ ਨਾਲ ਝੋਲੀਆਂ ਭਰ ਜਾਂਦੀਆਂ ਹਨ ਸਪਸ਼ਟ ਹੈ ਕਿ ਬਹਿਲੋਲ ਨੂੰ ਅਜਿਹੀਆਂ ਸਭ ਬਖਸ਼ਿਸ਼ਾਂ ਬਹੁਲਤਾ ਵਿੱਚ ਪ੍ਰਾਪਤ ਹੋ ਚੁੱਕੀਆਂ ਸਨ ਉਸ ਦੀ ਸੇਵਾ ਘਾਲ ਤੋਂ ਸਦਕੜੇ ਹੁੰਦਿਆ ਗੁਰੂ ਸਾਹਿਬ ਨੇ ਬਹਿਲੋਲ ਦੀ ਥਾਂ ‘ ਭਾਈ ਬਹਿਲੋ ’ ਦੀ ਪਦਵੀ ਬਖਸ ਦਿੱਤੀ ਸਖ਼ਸੀਅਤਾ ਦੇ ਘਾੜੇ ਗੁਰੂ ਸਾਹਿਬ ਨੇ ‘ ਭਾਈ ਬਹਿਲੋ ’ ਦੇ ਰੂਪ ਵਿੱਚ ਇੱਕ ਨਵੀਂ ਸਖਸੀਅਤ ਦੀ ਸਿਰਜਨਾ ਕਰ ਦਿੱਤੀ ਸੀ ਭਾਈ ਸਾਹਿਬ ਨੂੰ ਮਾਲਵੇ ਦਾ ਮਸੰਦ ਥਾਪ ਕੇ, ਮਾਲਵੇ ਅੰਦਰ ਸਿੱਖੀ ਪ੍ਰਚਾਰ ਦੀ ਜਿੰਮੇਵਾਰੀ ਸੌਪੀ ਗਈ ਗੁਰੂ ਦੇ ਨਾਮ ਲੰਗਰ ਚਲਾਏ ਜਾਣ ਦੀ ਹਿਦਾਇਤ ਨਾਲ ਉਸਨੂੰ ਘਰ ਵਾਪਸੀ ਦਾ ਹੁਕਮ ਸੁਣਾਇਆ ਗਿਆ ਜਿਸ ਦਾ ਜਿਕਰ ਮਹਿਮਾ ਪ੍ਰਕਾਸ ਵਿੱਚ ਇਉਂ ਕੀਤਾ ਗਿਆ ਹੈ
ਅਬ ਹੋਇ ਅਬਿਦਾ ਤੁਮ ਘਰ ਕੋ ਜਾਵੋ, ਲੰਗਰ ਕਰਨ ਸਿੱਖਨ ਭੋਗਾਵੋ[
ਮੇਰੇ ਨਿਮਤ ਜੋ ਲੰਗਰ ਕਰਨਾ, ਮਾਨ ਅਹੰਕਾਰ ਕੁਛ ਨਹੀਂ ਕਰਨਾ[
       ਗੁਰੂ ਸਾਹਿਬ ਦੇ ਆਦੇਸ ਅਨੁਸਾਰ ਭਾਈ ਬਹਿਲੋ ਆਪਣੇ ਪਿੰਡ ਗਿਆ ਆਉਣ ਸਾਰ ਘਰ ਵਿੱਚ ਬਣੇ ਪੀਰ ਖਾਨੇ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਘਰ ਵਿੱਚ ਸਿੱਖ ਮਰਯਾਦਾ ਚਾਲੂ ਕਰ ਦਿੱਤੀ ਘਰ ਤੋਂ ਥੋੜੀ ਦੂਰ, ਉੱਤਰ ਦੱਖਣ ਵੱਲ ਛੱਪੜ ਦੇ ਕਿਨਾਰੇ ਆਪਣਾ ਡੇਰਾ ਸਥਾਪਿਤ ਕਰਕੇ ਲੰਗਰ ਚਾਲੂ ਕਰ ਦਿੱਤਾ, ਜਿਥੇ ਇਲਾਕੇ ਭਰ ਵਿੱਚੋਂ ਆਈ ਸੰਗਤ ਦੀ ਸੇਵਾ ਹੋਣ ਲੱਗ ਪਈ ਇਸ ਸਥਾਨ ਦਾ ਮੁੱਢ ਜਾਂ ਸਥਾਪਤੀ ਭਾਵੇਂ ‘ ਗੁਰੂ ਕੇ ਲੰਗਰ ’ ਦੇ ਰੂਪ ਵਿੱਚ ਹੋਈ ਸੀ, ਪਰ ਸੰਗਤਾਂ ਦੀ ਆਵਾਜਾਈ ਅਤੇ ਵੱਡੀ ਗਿਣਤੀ ਵਿੱਚ ਠਹਿਰ ਦੀ ਸਹੂਲਤ ਨਾਲ ਇਸ ਦੀ ਪ੍ਰਸਿੱਧੀ ‘ ਡੇਰਾ ਭਾਈ ਬਹਿਲੋ ’ ਦੇ ਰੂਪ ਵਿੱਚ ਹੋਣ ਲੱਗ ਪਈ ਸਿੱਖੀ ਦੇ ਸਰਬ ਸਾਂਝੇ ਸਿਧਾਂਤ ‘ ਸੰਗਤ ਤੇ ਪੰਗਤ ’ ਦੇ ਅਮਲੀ ਸਰੂਪ ਵਿੱਚ ਕਾਇਮ ਹੋਣ ਨਾਲ ਸੁਭਾਵਿਕ ਹੀ ਸਿੱਖ ਲਹਿਰ ਦੀ ਉੱਨਤੀ ਲਈ ਠੀਕ ਮਾਹੌਲ ਸਿਰਜਿਆ ਜਾ ਚੁੱਕਾ ਸੀ ਇਸ ਤਰਾਂ ਸ਼ਾਹਪੁਰ (ਸੰਗਰੂਰ), ਲੇਹਲ ਕਲਾਂ (ਸੰਗਰੂਰ), ਮੂਲੋਵਾਲ (ਨਾਨਕੇ) ਗਾਗਾ ਆਦਿ ਅਨੇਕ ਥਾਈਂ ਗੁਰੂ ਕੇ ਲੰਗਰ ਚਾਲੂ ਹੋ ਗਏ ਅਥਵਾ ਉਹ ਸਿੱਖੀ ਦੇ ਪ੍ਰਚਾਰ ਕੇਂਦਰਾਂ ਵਜੋਂ ਸਥਾਪਤ ਹੋ ਗਏ ਇਲਾਕੇ ਭਰ ਵਿੱਚ ਪ੍ਰਚਾਰ ਦੌਰੇ ਕਰਕੇ ਹਜ਼ਾਰਾ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ ਡੇਰੇ ਅੰਦਰ ਸਿੱਖਿਆ ਟਕਸਾਲ ਕਾਇਮ ਕਰ ਦਿੱਤੀ 5 ਕੁ ਸਾਲ ਦੀ ਘਾਲਣਾ ਪਿਛੋਂ ਮਾਲਵੇ ਅੰਦਰ ਇਹ ਸਿੱਖੀ ਦਾ ਇੱਕ ਮਹਾਨ ਕੇਂਦਰ ਬਣ ਗਿਆ ਸੀ ਸਿੱਖ ਸੰਗਤ ਅਤੇ ਗੁਰੂ ਘਰ ਦੀ ਸੇਵਾ ਨੂੰ ਹੀ ਉਹਨਾਂ ਆਪਣਾ ਜੀਵਨ ਮਨੋਰਥ ਥਾਪ ਲਿਆ ਸੀ ਇਸ ਲਈ ਉਹ ਡੇਰੇ ਵਿੱਚ ਆਈ ਸੰਗਤ ਨੂੰ ਗੁਰਮਤਿ, ਗੁਰਬਾਣੀ ਅਤੇ ਸਿੱਖ ਮਰਯਾਦਾ ਸਬੰਧੀ ਉਪਦੇਸ਼ ਦਿੰਦੇ ਰਹਿੰਦੇ ਸਨ ਦੀਵਾਲੀ ਅਤੇ ਵਿਸਾਖੀ ਸਮੇ ਸਿੱਖ ਸੰਗਤ ਦੇ ਵੱਡੇ ਜੰਥਿਆ  ਨਾਲ ਅੰਮ੍ਰਿਤਸਰ ਜੀ ਦੇ ਦਰਸ਼ਨ ਇਸਨਾਨ ਦਾ ਸਿਲਸਿਲਾ  ਚਲਦਾ ਰਿਹਾ
       ਸਾਲਾ ਬੱਧੀ ਸਿੱਖੀ ਪ੍ਰਚਾਰ, ਲੰਗਰ ਦੀ ਸੇਵਾ ਅਥਵਾ ਗੁਰੂ ਕੇ ਮਸੰਦ ਵਜੋ ਸੇਵਾ ਨਿਭਾਉਦਿਆ ਇਹ ਮਹਾਨ ਸਿੱਖ ਸੇਵਾਦਾਰ ਅੰਤ ਚੇਤ ਸੁਦੀ ਨੌਵੀ, ਸੰਮਤ 1660 ਬਿ: ਅਰਥਾਤ 25 ਮਾਰਚ, ਸੰਨ 1603 ਈ: ਨੂੰ ਅੰਤਿਮ ਸੁਆਸ ਲਿਆ ਅਤੇ ਇਸ ਨਾਸ਼ਵਾਨ ਸਰੀਰ ਅਤੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਜਿਸ ਦਾ ਜਿਕਰ “ ਭਾਈ ਪੰਜਾਬ ਸਿੰਘ ਬਹਿਲੋਕਾ ” ਸੇਲਵਰਾਹ ਨਗਰ ਨੇ ਇਉਂ ਕੀਤਾ ਹੈ
ਸੋਲਾਂ ਸੋ ਸੱਠੇ ਕੇ ਸਾਲ, ਚੇਤ ਸ਼ੁਦੀ ਨੌਵੀਂ ਥਿਤ ਨਾਲ[
ਫਫੜੇ ਨਗਰ ਮਾਲਵੇ ਮਾਹੀਂ, ਦੇਹ ਤਜੀ ਬਹਿਲੋ ਜੀ ਤਾਹੀਂ[
       ਭਾਈ ਸਾਹਿਬ ਦੇ ਦੇਹਾਂਤ ਦੀ ਖ਼ਬਰ ਨਾਲ ਸਮੁੱਚਾ ਮਾਲਵਾ ਖੇਤਰ ਸ਼ੋਕ-ਗ੍ਰਸਤ ਹੋ ਗਿਆ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਉਹਨਾਂ ਦਾ ਅੰਤਿਮ ਸਸਕਾਰ ਅਥਾਹ ਸ਼ਰਧਾ ਅਤੇ ਗੁਰਮਤਿ ਮਰਯਾਦਾ ਅਨੁਸਾਰ ਪਿੰਡ ਦੇ ਉੱਤਰ ਪੂਰਬ ਵਿੱਚ ਸਥਿਤ ਪਰਵਾਰਿਕ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਹਜ਼ਾਰਾਂ ਸੇਜਲ ਅੱਖਾਂ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਸਾਲਾਂ ਬੱਧੀ ਉਹਨਾਂ ਦੇ ਬਰਸੀ ਸਮਾਰੋਹ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਰਹੇ, ਜੋ ਸਮਾਂ ਪਾ ਕੇ ਉਹਨਾਂ ਦੀ ਯਾਦ ਨੂੰ ਸਮਰਪਿਤ ਜੋੜ-ਮੇਲੇ ਦਾ ਰੂਪ ਧਾਰਨ ਕਾ ਗਏ ਭਾਵੇਂ ਇਹ ਜੋੜ ਮੇਲਾ ਹਰ ਸਾਲ ਚੇਤ ਸ਼ੁਦੀ ਨੌਮੀ ਨੂੰ ਹੀ ਮਨਾਇਆ ਜਾਣਾ ਉਚਿਤ ਜਾਪਦਾ ਹੈ, ਪਰ ਇਸ ਜੋੜ ਮੇਲੇ ਦਾ ਆਯੋਜਨ ਅੱਸੂ ਵਦੀ ਨੌਮੀ ਨੂੰ ਉਹਨਾਂ ਦੇ ਸ਼ਰਾਧਾਂ ਦੇ ਰੂਪ ਵਿੱਚ ਮਨਾਇਆ ਜਾਣ ਲੱਗ ਪਿਆ ਜੋੜ-ਮੇਲੇ ਦੀ ਇਹ ਪਰੰਪਰਾ ਅੱਜ ਤੱਕ ਚਲੀ ਜਾ ਰਹੀ ਹੈ ਭਾਵੇਂ ਕੁਝ ਸਾਲ ਪਹਿਲਾਂ ਤੋਂ ਇਹ ਚੇਤ ਸ਼ੁਦੀ ਨੌਮੀ ਨੂੰ ਵੀ ਮਨਾਇਆ ਜਾਣ ਲੱਗ ਪਿਆ ਹੈ ਜੋੜ ਮੇਲੇ ਦਾ ਪਹਿਲਾ ਦਿਨ, “ ਅੱਸੂ ਵਦੀ ਅਸ਼ਟਮੀ ” ਨੂੰ ਸਮਾਧਾਂ ਦੀ ਮਾਨਤਾ ਪੂਜਾ ਤੇ ਸ਼ਰਧਾਂਜਲੀਆਂ ਲਈ ਨਿਸ਼ਚਿਤ ਕੀਤਾ ਗਿਆ ਹੈ ਸਿੱਖੀ ਪ੍ਰਭਾਵ ਕਾਰਨ ਹੁਣ ਸ਼ਰਾਧਾਂ ਦੀ ਕਿਰਿਆ ਲਗਭਗ ਸਮਾਪਿਤ ਹੋ ਚੁੱਕੀ ਹੈ ਸਿੱਖ ਸਿਧਾਂਤ ਦੇ ਅਨੁਰੂਪ ਪਹਿਲੇ ਦਿਨ ਨਗਰ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਕਈ ਦਿਨ ਪਹਿਲਾ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਸੰਗਤਾਂ ਦਾ ਉਮਾਹ ਦੇਖਿਆਂ ਹੀ ਬਣਦਾ ਹੈ
       “ਭਾਈ ਬਹਿਲੋ ਸਭ ਤੋਂ ਪਹਿਲੋ” ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ, ਪੰਜਾਬੀ ਸੂਬੇੇ ਦੇ ਬਾਨੀ, ਸਿੱਖ ਕੌਮ ਦੀ ਮਹਾਨ ਹਸਤੀ, ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਨੇ ਮਿਤੀ 28 ਸਤੰਬਰ 1967 ਈ: ਮੁਤਾਬਕ 13 ਅੱਸੂ, 2004 ਬਿ: ਨੂੰ ਰੱਖਿਆ “ਭਾਈ ਬਹਿਲੋ ਸਭ ਤੋਂ ਪਹਿਲੋ” ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਉਦਘਾਟਨ, ਸਿੱਖ ਕੌਮ ਦੀ ਮਹਾਨ ਹਸਤੀ, ਸ਼੍ਰੀਮਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਰ ਕਮਲਾਂ ਨਾਲ ਮਿਤੀ 29 ਮਾਰਚ, 1985 ਈ: ਮੁਤਾਬਕ ਚੇਤ 2042 ਬਿ: ਨੂੰ ਕੀਤਾ
       ਭਾਈ ਬਹਿਲੋ ਜੀ ਦਾ ਜੀਵਨ ਗੁਰੂ ਘਰ ਅਤੇ ਲੰਗਰ ਦੀ ਮਰਯਾਦਾ ਲਈ ਪੂਰਨ ਰੂਪ ਵਿੱਚ ਸਮਰਪਿਤ ਸੀ ਸਮੁੱਚੇ ਮਾਲਵਾ ਖੇਤਰ ਅੰਦਰ ਉਹਨਾਂ ਸਿੱਖੀ ਪ੍ਰਚਾਰ ਅਤੇ ਲੰਗਰ ਦੀ ਮਰਯਾਦਾ ਲਈ ਸੇਵਾ ਪੂਰੀ ਲਗਨ, ਸ਼ਰਧਾ ਅਤੇ ਉਤਸ਼ਾਹ ਨਾਲ ਜੀਵਨ ਦੇ ਅੰਤਿਮ ਛਿਣ ਤੱਕ ਨਿਭਾਈ ਉਹਨਾਂ ਦਾ ਉੱਚਾ ਸੁੱਚਾ ਅਤੇ ਆਦਰਸ਼ਕ ਜੀਵਨ ਆਉਂਦੀਆਂ ਨਸਲਾਂ ਲਈ ਚਾਨਣ ਮੁਨਾਰਾ ਬਣ ਗਿਆ ਹੈ ਉਹ ਪ੍ਰੇਰਨਾ ਦੇ ਸੋਮੇ, ਸੇਵਾ ਦੇ ਮੁਜੱਸਮ, ਆਕਰਸ਼ਕ ਵਿਅਕਤਿਤਵ ਦੇ ਮਾਲਕ ਅਤੇ ਗੁਰੂ ਘਰ ਦੇ ਨਿਰਮਾਣ ਸੇਵਕ ਸਨ ਉਹਨਾਂ ਜਿਹੀ ਘਾਲ-ਕਮਾਈ ਕਿਸੇ ਵਿਰਲੇ ਦੇ ਹਿੱਸੇ ਆਈ ਹੈ ਸਿੱਖ ਜਗਤ ਦੇ ਉਹ ਅਨਮੋਲ ਮੋਤੀ ਸਨ, ਜਿਹਨਾਂ ਦੀ ਚਮਕ ਅੱਜ ਤੱਕ ਮੱਧਮ ਨਹੀਂ ਹੋਈ, ਸਗੋਂ ਸਮੇਂ ਦੇ ਬੀਤਣ ਨਾਲ ਹੋਰ ਲਿਸ਼ਕਣ ਲੱਗ ਪਈ ਹੈ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਭਾਈ ਸਾਹਿਬ ਨੇ ਉਹ ਮਰਤਬਾ ਪ੍ਰਾਪਤ ਕੀਤਾ ਹੈ ਜਿਸ ਨਾਲ ਉਹਨਾਂ ਦਾ ਆਪਣਾ ਅਤੇ ਖ਼ਾਨਦਾਨ ਦਾ ਨਾਮ ਇਤਿਹਾਸ ਵਿੱਚ ਅਮਰ ਹੋ ਗਿਆ ਸਮੁੱਚਾ ਮਾਲਵਾ ਇਲਾਕਾ ਉਹਨਾਂ ਵੱਲੋਂ ਸੇਵਾ ਦੇ ਖੇਤਰ ਵਿੱਚ ਪਾਈਆਂ ਪੈੜਾਂ ਦਾ ਰਿਣੀ ਹੈ ਸੇਵਾ ਦਾ ਇਸ ਅਤਿ ਉਚੇਰੀ ਮੰਜ਼ਲ ਤੱਕ ਪਹੁੰਚਣ ਸਦਕਾ ਭਾਈ ਸਾਹਿਬ ਨੂੰ ਸਿੱਖ ਜਗਤ ਵਿੱਚ ਉਹ ਸਨਮਾਨ ਮਿਲਿਆ ਹੈ ਜੋ ਕਿਸੇ ਵਿਰਲੇ ਦੇ ਹਿੱਸੇ ਆਇਆ ਹੈ ਗਾਖੜੀ ਸੇਵਾ ਦੀ ਅਜਿਹੀ ਉਦਾਹਰਨ ਸੰਸਾਰ ਭਰ ਵਿੱਚ ਮਿਲਣੀ ਕਠਨ ਹੈ।