ListVideo

ਗੁਰਦੁਆਰਾ ਪਾਹਿਨ ਸਾਹਿਬ, ਸੱਚੀ ਮੰਜੀ, ਸੈਦੇਵਾਲਾ

(ਨੋਟ: ਇੱਥੇ ਹਰ ਮਹੀਨੇ ਮੱਸਿਆ ਮਨਾਈ ਜਾਂਦੀ ਹੈ)
ਇਹ ਪਵਿੱਤਰ ਅਸਥਾਨ ਦਿੱਲੀ ਫਿਰੋਜਪੁਰ ਰੇਲਵੇ ਸਟੇਸ਼ਨ ਤੇ ਪੈਂਦੇ ਬੁਢਲਾਡਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਤਕਰੀਬਨ 9 ਕੁ ਕਿਲੋਮੀਟਰ ਦੀ ਦੂਰੀ ‘ਤੇ ਗੁਰੂ ਅਗੰਦ ਦੇਵ ਜੀ ਦੇ ਸੇਵਾਦਾਰ ਬਾਬਾ ਸਚ-ਨਿ-ਸੱਚ ਜੀ ਲਈ ਸ਼ਰਧਾ ਭਾਵਨਾ ਹੇਤ ਹੈ। ਇਸ ਗੁਰੂ ਘਰ ਨੂੰ ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਬਾਬਾ ਜੀ ਨੂੰ ਗੁਰੂ ਸਾਹਿਬ ਵੱਲੋਂ ਭੇਂਟ ਕੀਤੇ ਜੋੜੇ ਦੀ ਇੱਕ ਜੁੱਤੀ ਸ਼ਸ਼ੋਭਤ ਹੈ ਧਾਰਨਾ ਹੈ ਕਿ ਇਸ ਜੁੱਤੀ ਦੀ ਛੋਹ ਨਾਲ ਹਜੀਰਾਂ, ਪਾਗਲਪਨ ਹਲਕੇ ਕੁੱਤੇ ਦਾ ਕੱਟਿਆ ਅਤੇ ਹੋਰ ਮਾਨਸਿਕ ਬਿਮਾਰੀਆਂ ਦੇ ਰੋਗੀ ਠੀਕ ਹੋ ਕੇ ਜਾਂਦੇ ਹਨ
ਸਤਿਗੁਰੂ ਅਮਰ ਦਾਸ ਜੀ ਨੇ ਜਦੋਂ ਗੋਇੰਦਵਾਲ ਨਗਰ ਨੂੰ ਭਾਗ ਲਾਏ ਅਤੇ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਹਨਾਂ ਹੀ ਦਿਨਾਂ ਵਿੱਚ ਸਤਿਗੁਰੂ ਅਮਰ ਦਾਸ ਜੀ ਦੇ ਦਰ ਦੇ ਸੇਵਕ ਭਾਈ ਸੱਚ-ਨਿ-ਸੱਚ ਆਪਣੀਆਂ ਮਨੋ ਕਾਮਨਾ ਪੂਰੀਆਂ ਹੋਣ ਉਪਰੰਤ ਗੁਰੂ ਘਰ ਦੀ ਲਗਾਤਾਰ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਅਮਰ ਦਾਸ ਜੀ ਦਾ ਹਰ ਬਚਨ ਸਤਿ ਮੰਨਣ ਕਰਕੇ ਆਪਜੀ ਦਾ ਨਾਮ ਸੱਚ-ਨਿ-ਸੱਚ ਪੈ ਗਿਆ। ਸਤਿਗੁਰੂ ਅਮਰਦਾਸ ਜੀ ਨੇ ਪ੍ਸੰਨ ਹੋ ਕੇ ਆਪਣੇ ਪੈਰਾ ਦਾ ਜੋੜਾ (ਧੋੜੀ ਦੀ ਜੁੱਤੀ) ਲਾਹ ਕੇ ਭਾਈ ਜੀ ਨੂੰ ਦੇ ਕੇ ਕਿਹਾ ਜਾ ਸਿੱਖਾ ਤੇਰੀ ਸੇਵਾ ਪੂਰੀ ਹੋਈ ਹੈ ਅਤੇ ਇਹ ਜੋੜਾ ਲੈ ਜਾਵੋ ਸਤਿਨਾਮ ਦਾ ਉਪਦੇਸ ਕਰੋ ਅਤੇ ਸੰਗਤਾਂ ਦੀ ਸੇਵਾ ਕਰੋ। ਇਸ ਜੋੜੇ ਨੂੰ ਜੋ ਨਮਸਕਾਰ ਕਰੇਗਾ ਉਸਦੇ ਰੋਗ ਦੂਰ ਹੋਣਗੇ ਖਾਸ ਕਰਕੇ : 
੧)ਹੰਜੀਰਾ ਵਾਲਾ, ੨) ਪਾਗਲਪਨ, ੩) ਹਲਕੇ ਕੁੱਤੇ ਦਾ ਕੱਟਿਆ ਹੋਇਆ ਠੀਕ ਹੋਣਗੇ।
ਗੁਰੂ ਜੀ ਦੀ ਕਿਰਪਾ ਨਾਲ ਸੰਗਤਾਂ ਦੂਰੋਂ ਚੱਲ ਕਿ ਜੋੜਾ ਸਾਹਿਬ ਜੀ ਦੇ ਦਰਸ਼ਨ ਕਰਕੇ ਸੁੱਖ ਪ੍ਰਾਪਤ ਕਰਦੀਆਂ ਹਨ। ਇੱਥੋਂ ਤੱਕ ਨਿਸਚਾ ਕਰਕੇ ਕਈਆਂ ਨੇ ਪੁੱਤਰਾਂ ਦੀ ਦਾਤ ਵੀ ਪ੍ਰਾਪਤ ਕੀਤੀ ਹੈ ਅਤੇ ਨਿੱਚਾ ਨਾਲ ਆਏ ਸ਼ਰਧਾਲੂ ਲਾ-ਇਲਾਜ ਰੋਗਾਂ ਤੋਂ ਵੀ ਬੱਚਕੇ ਜਾਂਦੇ ਹਨ।
ਇਸ ਗੁਰਦੁਆਰੇ ਦੀ ਕਾਰ ਸੇਵਾ ਲੋਕਲ ਪ੍ਬੰਧਕ ਕਮੇਟੀ ਕਰਵਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ, ਸੰਗਤਾਂ ਦੇ ਸੁੱਖ ਆਸਨ ਵਾਸਤੇ 30 ਕਮਰੇ, ਸਰੋਵਰ, ਦੀਵਾਨ ਹਾਲ ਅਤੇ ਦਰਸ਼ਨੀ ਦਿਉੜੀ ਦੀ ਇਮਾਰਤ ਦੀ ਕਾਰ ਸੇਵਾ ਸੰਪੂਰਨ ਹੋ ਚੁੱਕੀ ਹੈ। ਗੁਰੂ ਕਾ ਲੰਗਰ 24 ਘੰਟੇ ਚਲਦਾ ਹੈ।
ਇੱਥੇ ਹਰ ਸਾਲ ਭਾਈ ਸਾਹਿਬ ਭਾਈ ਸੱਚ-ਨਿ-ਸੱਚ ਜੀ ਦੀ ਬਰਸੀ ‘ਤੇ ਧਾਰਮਿਕ ਜੋੜ ਮੇਲਾ ਅੱਸੂ ਵੱਦੀ ਸੱਤਵੀਂ, ਅੱਠਵੀਂ ਅਤੇ ਨੌਂਵੀ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਧਾਰਮਿਕ ਦਿਵਾਨ ਸਜਦੇ ਹਨ ਅਤੇ ਪੰਜਾਬ ਦੇ ਮਸ਼ਹੂਰ ਰਾਗੀ ਢਾਡੀ ਅਤੇ ਕਵੀਸ਼ਰ ਇਤਿਹਾਸਕ ਪ੍ਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਇਸ ਗੁਰਦੁਆਰਾ ਸਾਹਿਬ ਦੀ ਸੇਵਾ ਇਸੇ ਪਿੰਡ ਦੇ ਨੌਜਵਾਨ ਗਿਆਨੀ ਜਰਨੈਲ ਸਿੰਘ ਜੀ ਮੱਲ ਬਤੌਰ ਹੈੱਡ ਗ੍ਰੰਥੀ ਬੜੀ ਸ਼ਰਧਾ ਅਤੇ ਲਗਨ ਨਾਲ ਕਰ ਰਹੇ ਹਨ।
-----------------

ੴ ਸਤਿਗੁਰੂ ਪ੍ਰਸਾਦਿ ||


ਸੰਖੇਪ ਜੀਵਨੀ ਬਾਬਾ ਸੱਚ-ਨਿ-ਸੱਚ ਜੀ

ਇਹ ਪ੍ਸੰਗ ਸਤਿਗੁਰ ਅਮਰ ਦਾਸ ਜੀ ਅਤੇ ਉਹਨਾਂ ਦੇ ਸੱਚੇ ਸੇਵਕ ਬਾਬਾ ਸੱਚ-ਨਿ-ਸੱਚ ਜੀ ਦਾ ਹੈ (ਬਾਬਾ ਜੀ ਦਾ ਅਸਲ ਨਾਮ ਪੈਰੋਂ ਸੀ ਸੱਚ-ਨਿ-ਸੱਚ ਅਤੇ ਚੈਨਾਂ ਇਹਨਾਂ ਦਾ ਉਪਨਾਮ ਸੀ)
ਧੰਨ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਬਜੁਰਗ ਅਵਸਥਾ ਵਿੱਚ ਬੇਮਿਸਾਲ ਸੇਵਾ ਸਿਮਰਨ ਕਰਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ੩ ਵੈਸਾਖ  ਸੰਮਤ ੧੬੦੯ ਵਿੱਚ ਗੁਰਗੱਦੀ ਪ੍ਰਾਪਤ ਕੀਤੀ ਅਤੇ ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੇ ਨਾਰਾਜਗੀ ਵੱਸ ਆਪਜੀ ਨੂੰ ਲੱਤ ਮਾਰੀ, ਉਸ ਤੋਂ ਉਪਰੰਤ ਆਪਜੀ ਆਪਣੇ ਪਿੰਡ ਬਾਸਰਕੇ ਚਲੇ ਗਏ ਜਿਥੋਂ ਬਾਬਾ ਬੁੱਢਾ ਜੀ ਨੇ ਸੰਨ ਲਗਾ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ। ਉਸ ਤੋਂ ਬਾਅਦ ਸਤਿਗੁਰੂ ਅਮਰ ਦਾਸ ਜੀ ਨੇ ਗੋਇੰਦਵਾਲ ਨਗਰ ਨੂੰ ਭਾਗ ਲਾਏ ਅਤੇ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਇਹਨਾਂ ਹੀ ਦਿਨਾਂ ਵਿੱਚ ਸਤਿਗੁਰੂ ਅਮਰ ਦਾਸ ਜੀ ਦੇ ਦਰ ਦੇ ਸੇਵਕ ਭਾਈ ਸੱਚ-ਨਿ-ਸੱਚ ਆਪਣੀਆਂ ਮਨੋ ਕਾਮਨਾ ਪੂਰੀਆਂ ਹੋਣ ਉਪਰੰਤ ਗੁਰੂ ਘਰ ਦੀ ਲਗਾਤਾਰ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਅਮਰ ਦਾਸ ਜੀ ਦੇ ਹਰ ਬਚਨ ਨੂੰ ਸਤਿ ਮੰਨਕੇ, ਸਵੇਰੇ ਉਠ ਕੇ ਲੰਗਰ ਦੇ ਸਾਰੇ ਬਰਤਨ ਬਿਆਸਾ ਨਦੀ ਤੋਂ ਸਾਫ਼ ਕਰਕੇ ਲਿਆਉਂਦੇ, ਉਸ ਉਪਰੰਤ ਜੰਗਲ ਚੋਂ ਲੱਕੜਾਂ ਲਿਆਕੇ ਗੁਰੂਘਰ ਦੇ ਲੰਗਰ ਵਿੱਚ ਬਾਲਣ ਦੀ ਸੇਵਾ ਕਰਦੇ। ਆਪ ਲੰਗਰ ਦੇ ਜੁੱਠੇ ਬਰਤਨ ਚੁੱਕ ਕੇ ਬਿਆਸਾ ਨਦੀ ਤੋਂ ਸਾਫ਼ ਕਰਕੇ ਵਾਪਸ ਲੈ ਕੇ ਆਉਂਦੇ ਅਤੇ ਇਹਨਾਂ ਨੂੰ ਕੁਸ਼ਤੀ ਲੜਦੇ ਵੇਖਕੇ, ਗੁਰੂ ਅਮਰਦਾਸ ਜੀ ਨੇ ਮੱਲ ਦੀ ਉਪਾਦੀ ਦਿੱਤੀ। ਸਤਿਗੁਰਾਂ ਦੀ ਹਰ ਗੱਲ ਸਤਿ ਮੰਨਣ ਕਰਕੇ ਆਪਜੀ ਦਾ ਨਾਮ ਸੱਚ-ਨਿ-ਸੱਚ ਪੈ ਗਿਆ। ਇਸ ਤਰਾਂ ਆਪ ਸੇਵਾ ਵਿੱਚ ਜੁਟ ਗਏ।
ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਵਿਖੇ ਪੱਕਾ ਡੇਰਾ ਲਗਾਉਣ ਕਰਕੇ ਸੰਗਤਾਂ ਦੂਰੋਂ-ਦੂਰੋਂ ਦਰਸ਼ਨਾਂ ਲਈ ਆਉਣ ਲੱਗ ਪਈਆਂ। ਗੁਰੂ ਘਰ ਦਾ ਜੱਸ ਦਿਨ ਰਾਤ ਵੱਧਦਾ ਜਾ ਰਿਹਾ ਸੀ। ਇੱਕ ਦਿਨ ਗੁਰੂ ਜੀ ਦੇ ਮੋਢੀ ਸਿੱਖਾਂ ਵਿਚੋਂ ਇੱਕ ਸੇਵਾਦਾਰ (ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਬੱਲੋ ਜੀ ਆਇਆ ਹੈ) ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਨਾਲ ਸੰਗਤਾਂ ਦੂਰੋਂ-ਦੂਰੋਂ ਪਹੁੰਚ ਦੀਆਂ ਹਨ, ਜਿਹਨਾਂ ਦੇ ਠਹਿਰਣ ਵਾਸਤੇ ਜਗਾ ਦੀ ਕਮੀ ਹੈ। ਕਿਰਪਾ ਕਰਕੇ ਜਗਾ ਹੋਰ ਬਨਵਾਈ ਜਾਵੇ ਤਾਂ ਜੋ ਸੰਗਤਾਂ ਦੇ ਵਿਸਰਾਮ ਵਾਸਤੇ ਅਸਥਾਨ ਬਨ ਸਕੇ।
ਸਤਿਗੁਰ ਅਮਰਦਾਸ ਜੀ ਨੇ ਦੂਜੇ ਦਿਨ ਪੰਜ ਸਿੱਖਾਂ ਦੀ ਸੇਵਾ ਲਗਾਈ ਜੋ ਲਕੜ ਕਾਠ ਦੀ ਸੇਵਾ ਕਰਕੇ ਲਿਆਉਣ। ਇਹਨਾਂ ਦਾ ਮੋਢੀ ਜੱਥੇਦਾਰ ਗੁਰੂ ਅਮਰਦਾਸ ਜੀ ਦਾ ਭਤੀਜਾ ਭਾਈ ਸਾਵਣ ਮੱਲ ਸੀ ਅਤੇ ਇਹਨਾਂ ਪੰਜਾਂ ਸਿੱਖਾਂ ਵਿੱਚ ਬਾਬਾ ਸੱਚ-ਨਿ-ਸੱਚ ਵੀ ਨਾਲ ਸਨ। ਗੁਰੂ ਅਮਰਦਾਸ ਜੀ ਨੇ ਭਾਈ ਸਾਵਣ ਮੱਲ ਨੂੰ ਇੱਕ ਰੁਮਾਲ ਦਿੱਤਾ, ਜਿਸ ਦੀ ਲੋੜ ਪੈਣ ਤੇ ਵਰਤੋਂ ਕਰਨ ਵਾਸਤੇ ਕਿਹਾ। ਇਸ ਤਰਾਂ ਇਹ ਪੰਜੇ ਸਿੱਖ ਗੁਰੂ ਜੀ ਦਾ ਹੁਕਮ ਮੰਨਕੇ ਬਿਆਸਾ ਨਦੀ ਕੰਢੇ-ਕੰਢੇ ਲੱਕੜ ਲੈਣ ਵਾਸਤੇ ਚੱਲ ਪਏ। ਚਲਦੇ-ਚਲਦੇ ਇਹਨਾਂ ਨੂੰ ਰਾਤ ਸੁਕੇਤ ਮੰਡੀ ਵਿਖੇ ਪੈ ਗਈ। (ਜਿਸ ਨੂੰ ਅੱਜ ਕੱਲ ਸੁੰਦਰ ਨਗਰ ਹਿਮਾਚਲ ਕਹਿੰਦੇ ਹਨ) ਇਹਨਾਂ ਸਿੱਖਾਂ ਨੇ ਸ਼ਹਿਰ ਤੋਂ ਬਾਹਰ ਡੇਰਾ ਕੀਤਾ ਅਤੇ ਸਵੇਰੇ ਲੰਗਰ ਤਿਆਰ ਕਰਕੇ ਛਕਿਆ। ਸੁਕੇਤ ਮੰਡੀ ਦਾ ਰਾਜਾ ਜਿਸ ਦਾ ਨਾਮ ਹਰੀ ਸੈਨ ਸੀ, ਹਿੰਦੂ ਮੱਤ ਦਾ ਸੀ। ਉਸ ਦਿਨ ਉਸਦੀ ਸਾਰੀ ਸਲਤਨਤ ਵਿੱਚ ਇਸ ਦਿਨ “ਇਕਾਦਸ਼ੀ ਦਾ ਵਰਤ” ਸੀ ਜਿਸ ਕਰਕੇ ਕਿਸੇ ਨੇ ਵੀ ਚੁੱਲੇ ਅੱਗ ਨਹੀਂ ਬਾਲਣੀ ਸੀ। ਇਸੇ ਹੀ ਹੁਕਮ ਦੀ ਉਲੰਘਣਾ ਕਰਕੇ ਇਹਨਾਂ ਪੰਜ ਸਿੱਖਾਂ ਨੂੰ ਰਾਜੇ ਨੇ ਜੇਲ ਵਿੱਚ ਬੰਦ ਕਰ ਦਿੱਤਾ।
ਇਹਨਾਂ ਸਿੱਖਾ ਨੂੰ ਇਸ ਵਰਤ ਬਾਰੇ ਪਤਾ ਨਹੀਂ ਸੀ ਇਹਨਾਂ ਨੇ ਗੁਰੂ ਅਮਰ ਦਾਸ ਜੀ ਦੇ ਦਰ ਤੇ ਅਰਦਾਸ ਕੀਤੀ, ਕੁਦਰਤ ਸਤਿਗੁਰਾਂ ਦੀ ਵਰਤੀ। ਰਾਜਾ ਹਰੀ ਸੈਨ ਦੀਆਂ ਸੱਤਾ ਰਾਣੀਆਂ ਵਿਚੋਂ ਇੱਕ-ਇੱਕ ਪੁੱਤਰ ਸੀ, ਜਿਸ ਦਾ ਨਾਮ ਰੁਦਰ ਸੈਨ ਸੀ। ਭਾਣਾ ਵਰਤਿਆ, ਉਹ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ। ਰਾਜੇ ਦੇ ਸਾਰੇ ਪਰਿਵਾਰ ਅਤੇ ਸ਼ਹਿਰ ਵਿੱਚ ਹਾਹਾਕਾਰ, ਕੁਰਲਾਹਟ ਮੱਚ ਗਈ। ਐਸਾ ਰੁਦਨ ਹੋਇਆ ਜੋ ਸੁਣਿਆ ਨਹੀਂ ਜਾ ਸਕਦਾ।
ਭਾਈ ਸਾਵਣ ਮੱਲ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਰਾਜੇ ਦਾ ਲੜਕਾ ਸਵਰਗਵਾਸ ਹੋ ਗਿਆ ਹੈ। ਇਹਨਾਂ ਪੰਜਾਂ ਸਿੱਖਾਂ ਨੇ ਰਾਜੇ ਨਾਲ ਹਮਦਰਦੀ ਪ੍ਗਟਾਈ। ਕਿਸੇ ਸਿਆਣੇ ਮੰਤਰੀ ਨੇ ਰਾਜੇ ਨੂੰ ਇਹਨਾਂ ਸਿੱਖਾ ਦਾ ਅਪਮਾਨ ਕਰਨ ਕਰਕੇ ਇਸ ਘਟਨਾ ਦੇ ਵਾਪਰਨ ਦਾ ਕਾਰਨ ਦੱਸਿਆ। ਰਾਜੇ ਹਰੀ ਸੈਣ ਨੇ ਨੰਗੇ ਪੈਰੀਂ ਚੱਲ ਕੇ ਇਹਨਾਂ ਸਿੱਖਾਂ ਪਾਸੋਂ ਮੁਆਫ਼ੀ ਮੰਗੀ ਅਤੇ ਆਪਣੇ ਪੁੱਤਰ ਦੇ ਜੀਵਤ ਹੋਣ ਵਾਸਤੇ ਤਰਲੇ ਮਿੰਨਤਾ ਕੀਤੀਆਂ। ਰਾਜੇ ਨੇ ਬੇਨਤੀ ਅਤੇ ਸਾਰੇ ਪਰਿਵਾਰ ਦੀ ਕੁਰਲਾਹਟ ਨੂੰ ਵੇਖਦੇ ਹੋਏ ਭਾਈ ਸਾਵਣ ਮੱਲ ਨੇ ਸਤਿਗੁਰ ਜੀ ਦੇ ਬਖਸ਼ੇ ਹੋਏ ਰੁਮਾਲ ਦੀ ਇੱਕ ਕੰਨੀ ਬਾਟੇ ਵਿਚ ਜਲ ਮੁੰਗਵਾਕੇ, ਭਿਉਂਕੇ ਉਸ ਲੜਕੇ ਦੇ ਮੂੰਹ ਤੇ ਛਿੱਟੇ ਮਾਰੇ ਅਤੇ ਕਿਹਾ ਬੋਲ ਰੁਦਰ ਸੈਨ ਸਤਿਨਾਮ ਵਾਹਿਗੁਰੂ।
ਤਬ ਸਾਵਣ ਕੇ ਚਿਤ ਵਿਚਾਰੀ, ਈਹਾ ਸਕਤਿ ਦਿਖਾਵੇ,
ਗੁਰ ਕਿਰਪਾ ਤੇ ਰਾਜ ਕੁਇਰ ਕੋ, ਅਬ ਹੀ ਫੇਰ ਜਿਵਾਵੇ||
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਪੰਨਾ ੬੬)
ਸਤਿਗੁਰੂ ਅਮਰਦਾਸ ਜੀ ਨਿਮਾਣਿਆ ਦੇ ਮਾਣ, ਨਿਤਾਣਿਆ ਦੇ ਨਿਤਾਣ ਤੇ ਨਿਉਟਿਆਂ ਦੀ ਓਟ ਨੇ ਬੇਨਤੀ ਪ੍ਵਾਨ ਕੀਤੀ। ਰੁਦਰ ਸੈਨ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਦਾ ਹੋਇਆ ਉੱਠ ਬੈਠਾ। ਇਹ ਵੇਖਦੇ ਹੀ ਹਰ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਰਾਜਾ ਅਤੇ ਉਸ ਦਾ ਸਾਰਾ ਪਰਿਵਾਰ ਸਿੱਖਾਂ ਦੇ ਪੈਰਾਂ ਨੂੰ ਪੂਜਣ ਲੱਗਾ ਅਤੇ ਕਹਿਣ ਲੱਗਾ ਤੁਸੀਂ ਸਾਡੇ ਗੁਰੂ ਹੋ। ਪ੍ਰੰਤੂ ਸਿੱਖਾਂ ਨੇ ਕਿਹਾ ਅਸੀਂ ਗੁਰੂ ਨਹੀਂ ਅਸੀਂ ਤਾਂ ਸੇਵਕ ਹਾਂ।
ਰਾਜੇ ਨੇ ਇੱਥੇ ਆਉਣ ਦਾ ਕਾਰਨ ਪੁੱਛ ਕੇ ਲੱਕੜ ਦੀ ਸਾਰੀ ਸੇਵਾ ਬਿਆਸਾ ਰਾਹੀਂ ਕੀਤੀ। ਲੱਕੜ ਪੂਰੀ ਹੋਣ ਉਪਰੰਤ ਸਤਿਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਪੰਜੇ ਸਿੱਖ ਵਾਪਸ ਆਉਣ ਲੱਗੇ ਤਾਂ ਰਾਜੇ ਹਰੀ ਸੈਨ ਨੇ ਕੁੱਝ ਦਿਨ ਹੋਰ ਠਹਿਰਨ ਵਾਸਤੇ ਬੇਨਤੀ ਕੀਤੀ। ਚਾਰ ਸਿੱਖ ਵਾਪਸ ਗੋਇੰਦਵਾਲ ਆ ਗਏ, ਪਰ ਭਾਈ ਸਾਵਣ ਮੱਲ ਜੀ ਰਾਜੇ ਦੇ ਕਹਿਣ ਤੇ ਕੁਝ ਦਿਨ ਹੋਰ ਠਹਿਰ ਗਏ। ਉਹ ਸਤਿਗੁਰੂ ਦੁਆਰਾ ਬਖਸ਼ੀ ਹੋਈ ਸ਼ਕਤੀ (ਰੁਮਾਲ) ਨਾਲ ਹਰ ਪ੍ਕਾਰ ਦੇ ਰੋਗੀਆਂ ਦਾ ਰੋਗ ਨਿਵਾਰਨ ਲੱਗੇ। ਇਸ ਤਰਾਂ ਸਾਵਣ ਮੱਲ ਸਤਿਗੁਰੂ ਜੀ ਨੂੰ ਵਿਸਾਰ ਬੈਠੇ ਅਤੇ ਆਪ ਗੁਰੂ ਬਣ ਬੈਠੇ। ਕਿਉਂਕਿ ਇੱਕ ਤਾਂ ਰਾਜ ਦਰਬਾਰ ਵਿੱਚ ਬਰਾਬਰ ਦਾ ਆਸਣ ਮਿਲਿਆ ਅਤੇ ਇੱਕ ਸਤਿਗੁਰੂ ਜੀ ਦੇ ਬਖਸ਼ੇ ਰੁਮਾਲ ਕਰਕੇ ਸੰਗਤਾਂ ਨਮਸਕਾਰ ਕਰਨ ਲੱਗੀਆਂ। ਸਤਿਗੁਰੂ ਜੀ ਨੇ ਦੋ ਵਾਰ ਸੁਨੇਹਾ ਘੱਲਿਆ ਪਰ ਭਾਈ ਸਾਵਣ ਮੱਲ ਜੀ ਇਸ ਤੋਂ ਬੇਪਰਵਾਹ ਰਹੇ। ਅਖੀਰ ਸਤਿਗੁਰੂ ਜੀ ਨੇ ਜਦੋਂ ਸਾਰੀ ਸ਼ਕਤੀ ਖਿੱਚ ਲਈ ਤਾਂ ਭਾਈ ਸਾਵਣ ਮੱਲ ਜੀ ਨੂੰ ਅਹਿਸਾਸ ਹੋਇਆ ਕਿ ਮੈਂ ਭੁੱਲਣਾ ਕਰ ਬੈਠਾ ਹਾਂ। ਭਾਈ ਜੀ ਨੇ ਰਾਜੇ ਨੂੰ ਸਾਰੀ ਹਕੀਕਤ ਦੱਸੀ ਅਤੇ ਵਾਪਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਣ ਲਈ ਤਿਆਰ ਹੋ ਗਏ।
ਰਾਜਾ ਹਰੀ ਸੈਨ ਭਾਈ ਸਾਵਣ ਮੱਲ ਜੀ ਦੇ ਮੂੰਹੋਂ ਸਤਿਗੁਰੂ ਅਮਰਦਾਸ ਜੀ ਦੀ ਉਪਮਾਂ ਸੁਣ ਕੇ ਭਾਈ ਸਾਹਿਬ ਦੇ ਨਾਲ ਹੀ ਸਾਰਾ ਪਰਿਵਾਰ ਅਤੇ ਲਾਮ ਲਸ਼ਕਰ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਨੂੰ ਚੱਲ ਪਿਆ। ਗੋਇੰਦਵਾਲ ਪਹੁੰਚਣ ਤੇ ਰਾਜੇ ਦਾ ਵਿਸ਼ਰਾਮ ਬਾਹਰ ਕਰਵਾਕੇ ਭਾਈ ਸਾਵਣ ਮੱਲ ਜੀ ਨੇ ਸਤਿਗੁਰਾਂ ਤੋਂ ਭੁੱਲਣਾ ਦੀ ਮੁਆਫ਼ੀ ਮੰਗੀ ਅਤੇ ਰਾਜੇ ਦਾ ਪਰਿਵਾਰ ਅਤੇ ਲਾਮ ਲਸ਼ਕਰ ਸਮੇਤ ਦਰਸ਼ਨ ਕਰਨ ਆਉਣ ਬਾਰੇ ਦੱਸਿਆ।
ਸਤਿਗੁਰੂ ਅਮਰਦਾਸ ਜੀ ਦੇ ਸਮੇਂ ਹੀ ਸਿੱਖਾਂ ਦੇ ਮਿਸ਼ਨ ਵਿੱਚ ਲੰਗਰ ਪ੍ਰਥਾ ਸ਼ੁਰੂ ਹੈ, ਸਤਿਗੁਰਾਂ ਦਾ ਹੁਕਮ ਸੀ ਕਿ ਕੋਈ ਵੀ ਰਾਜਾ ਹੋਵੇ ਜਾਂ ਰੰਕ ਹੋਵੇ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਉਸ ਤੋਂ ਬਾਅਦ ਸੰਗਤ ਵਿੱਚ ਆਵੇ ਭਾਵ ਪਹਿਲਾਂ ਪੰਗਤ ਫੇਰ ਸੰਗਤ। ਰਾਜੇ ਹਰੀ ਸੈਨ ਨੇ ਸਤਿਗੁਰਾਂ ਦਾ ਹੁਕਮ ਸਿਰ ਮੱਥੇ ਪ੍ਵਾਨ ਕਰਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਗੁਰੂ ਦਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਸਤਿਗੁਰੂ  ਅਮਰਦਾਸ ਜੀ ਦਾ ਇਹ ਵੀ ਹੁਕਮ ਸੀ ਸੰਗਤ ਵਿੱਚ ਠਾਠ ਬਾਠ ਲਾ ਕੇ ਨਹੀਂ ਆਉਂਣਾ। ਸਾਦੇ ਲਿਬਾਸ ਵਿੱਚ ਆਉਣ ਦਾ ਹੁਕਮ ਸੀ ਅਤੇ ਖਾਸ ਕਰਕੇ ਔਰਤਾਂ ਨੂੰ ਹੁਕਮ ਸੀ ਕਿ ਗੁਰੂ ਦਰਬਾਰ ਵਿੱਚ ਹਾਰ ਸ਼ਿੰਗਾਰ ਲਾ ਕੇ ਨਹੀਂ ਆਉਣਾ ਅਤੇ ਦੂਜਾ ਸੰਗਤ ਵਿੱਚ ਘੁੰਢ (ਪਰਦਾ) ਕਰਕੇ ਨਹੀਂ ਆਉਣਾ। ਜੇ ਕੋਈ ਬੀਬੀ ਦਰਸ਼ਨ ਕਰਨ, ਸੰਗਤ ਦੇ ਵਿੱਚ ਆਵੇ, ਘੁੰਡ ਉਠਾਵੇ, ਚਿੱਟੀ ਪਹਿਨ ਪੁਸ਼ਾਕ ਦੁਆਲੇ, ਹਾਰ ਸ਼ਿੰਗਾਰ ਨਾਂ ਲਾਵੇ, ਤਾਂ ਫਲ ਪਾਵੇ।        (ਸਵ: ਸੰਤ ਤਾਰਾ ਸਿੰਘ ਜੀ ਮੱਲ ਸੈਦੇਵਾਲਾ)
ਰਾਜੇ ਹਰੀ ਸੈਨ ਅਤੇ ਉਸ ਦੇ ਸਾਰੇ ਪਰਿਵਾਰ ਅਤੇ ਫੌਜ ਨੇ ਹੁਕਮ ਮੰਨ ਕੇ ਦਰਸ਼ਨ ਕੀਤੇ। ਪਰ ਰਾਜੇ ਹਰੀ ਸੈਨ ਦੀ ਨਵੀਂ ਵਿਆਂਦੜ ਰਾਣੀ ਜਿਸ ਦੀ ਸ਼ਾਦੀ ਹੋਈ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਸੀ, ਉਸਨੇ ਹਾਰ ਸ਼ਿੰਗਾਰ ਕਰ ਰੱਖਿਆ ਸੀ ਅਤੇ ਨਾਲ ਹੀ ਉਸਨੇ ਸੰਗਤ ਵਿੱਚ ਆ ਕੇ ਸ਼ਰਮ ਵੱਸ ਘੁੰਡ ਕੱਢ ਲਿਆ। ਸਤਿਗੁਰੂ ਜੀ ਸਹਿ ਸੁਭਾ ਹੀ ਬੋਲੇ ਕਿ ਇਹ ਤਾਂ ਕਮਲੀ ਆਪਣਾ ਆਪ ਲੁਕਾਣ ਵਾਸਤੇ ਆਈ ਹੈ ਕਿ ਸੰਗਤ ਦੇ ਦਰਸ਼ਨ ਕਰਨ ਆਈ ਹੈ। ਸਤਿਗੁਰਾਂ ਦਾ ਸਹਿਜ ਸੁਭਾਇ ਕਿਹਾ ਬਚਨ ਪੂਰਾ ਹੋਇਆ। ਉਹ ਰਾਣੀ ਕਮਲੀ ਹੋ ਗਈ ਅਤੇ ਰੌਲਾ ਪਾਉਂਦੀ ਹੋਈ ਬਾਹਰ ਜੰਗਲਾਂ ਨੂੰ ਭੱਜ ਗਈ। ਇਹ ਕੌਤਕ ਵੇਖਕੇ ਰਾਜਾ ਅਤੇ ਸੰਗਤ ਬਹੁਤ ਹੈਰਾਨ ਹੋਈ ਅਤੇ ਸਤਿਗੁਰੂ ਜੀ ਨੂੰ ਨਮਸਤਕਾਰ ਕੀਤੀ, ਨਾਲ ਹੀ ਰਾਜੇ ਨੇ ਕਿਹਾ ਇਸ ਰਾਣੀ ਨੂੰ ਆਪਣੇ ਕੀਤੇ ਦੀ ਸਜਾ ਮਿਲ ਗਈ ਹੈ। ਜੇ ਇਹ ਮਿਲ ਜਾਏ ਤਾਂ ਮੇਰੇ ਪਾਸ ਭੇਜ ਦੇਣਾ ਨਹੀਂ ਤਾਂ ਇਹੋ ਜਿਹੀ ਹੁਕਮ ਨਾ ਮੰਨਣ ਵਾਲੀ ਰਾਣੀ ਤੋਂ ਮੈਂ ਐਵੇਂ ਹੀ ਚੰਗਾ ਹਾਂ। ਸਤਿਗੁਰੂ ਅਮਰਦਾਸ ਜੀ ਨੇ ਰਾਜੇ ਅਤੇ ਉਸ ਦੇ ਸਾਰੇ ਸਾਥ ਨੂੰ ਸਤਿਨਾਮ ਦਾ ਉਪਦੇਸ਼ ਦੇ ਕੇ ਵਿਦਾ ਕੀਤਾ।
ਨਵੀਂ ਵਿਆਹੀ ਸੀ ਇੱਕ ਰਾਣੀ, ਘੁੰਡ ਕੱਢ ਕੇ ਆਈ, ਬਹੁਤ ਸਰਮਾਈ,
ਸੱਚੇ ਸਤਿਗੁਰ ਜੀ ਫੁਰਮਾਇਆ, ਇਹ ਕਮਲੀ ਕਿਉਂ ਆਈ, ਦਿਓ ਭਜਾਈ
ਦੌੜ ਗਈ ਜਦ ਕਮਲੀ ਹੋ ਕੇ, ਜੰਗਲ ਦੇ ਵਿੱਚ ਰਾਣੀ, ਮੁੜ ਅਜਾਣੀ,
ਕੀਤਾ ਯਤਨ ਵਥੇਰਾ ਰਾਜੇ, ਮਿਲੇ ਨਾਂ ਪਤਾ ਨਿਸ਼ਾਨੀ, ਜੂਹ ਬਿਗਾਨੀ
ਆਖ ਗਿਆ ਸੀ ਜਾਂਦਾ ਰਾਜਾ, ਹੋ ਜਾਏ ਸਿਆਣੀ, ਕਿਸੇ ਕਰਾਣੀ,
ਮੈਂ ਹੁਣ ਚੱਲਿਆ ਦੇਸ ਆਪਣੇ, ਖਾਏ ਖਸਮਾਂ ਨੂੰ ਖਾਣੀ, ਕੀ ਲੈ ਜਾਣੀ
(ਸਵ: ਸੰਤ ਤਾਰਾ ਸਿੰਘ ਜੀ ਮੱਲ ਸੈਦੇਵਾਲਾ)
ਇਸ ਤਰਾਂ ਦਿਨ ਲੰਘ ਰਹੇ ਸਨ। ਭਾਈ ਸੱਚ-ਨਿ-ਸੱਚ ਜੀ ਨਿਤਾ ਪ੍ਤੀ ਦੀ ਸੇਵਾ ਬੜੇ ਉਦਮ ਨਾਲ ਕਰਦੇ ਹੁੰਦੇ ਸਨ। ਸਵੇਰੇ ਉਠਕੇ ਸਾਰੇ ਬਰਤਨ ਬਿਆਸਾ ਨਦੀ ਤੋਂ ਸਾਫ ਕਰਕੇ ਲਿਆਉਂਦੇ ਅਤੇ ਉਸ ਤੋਂ ਬਾਅਦ ਜੰਗਲ ਚੋਂ ਜਾ ਕੇ ਲੰਗਰ ਵਾਸਤੇ ਲੱਕੜਾਂ ਚੁੱਕ ਕੇ ਲਿਆਉਂਦੇ। ਜਿਸ ਪਾਸੇ ਭਾਈ ਸੱਚ-ਨਿ-ਸੱਚ ਜੀ ਲੱਕੜਾਂ ਲੈਣ ਜਾਂਦੇ ਸਨ, ਕੁਦਰਤੀ ਉਸੇ ਪਾਸੇ ਹੀ ਕਮਲੀ ਰਾਣੀ ਜੰਗਲ ਵਿੱਚ ਏਧਰ ਉਦਰ ਨੱਸ ਭੱਜ ਰਹੀ ਸੀ।
ਜਦੋਂ ਭਾਈ ਜੀ ਲੱਕੜਾਂ ਲੈਣ ਜਾਂਦੇ, ਤਾਂ ਉਸ ਰਾਣੀ ਨੇ ਗਲ ਪੈ ਜਾਣਾ, ਲੱਕੜਾਂ ਖਿਲਾਰ ਦੇਣੀਆਂ ਅਤੇ ਖਰਾਬ ਕਰਨਾ ਕਿਉਂਕਿ ਰਾਣੀ ਨੂੰ ਆਪਣੀ ਕੋਈ ਸੁੱਧ-ਬੁੱਧ ਨਹੀਂ ਸੀ। ਇੱਕ ਦੋ ਦਿਨ ਤਾਂ ਇਸੇ ਤਰਾਂ ਹੁੰਦਾ ਰਿਹਾ। ਅਖੀਰ ਭਾਈ ਸੱਚ-ਨਿ-ਸੱਚ ਜੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ ਜਾਂ ਤਾਂ ਮੈਨੂੰ ਉਸ ਪਾਸੇ ਸੇਵਾ ਤੋਂ ਹਟਾ ਦਿੱਤਾ ਜਾਵੇ ਜਾਂ ਫੇਰ ਉਸ ਰਾਣੀ ਨੂੰ ਠੀਕ ਕੀਤਾ ਜਾਵੇ ਕਿਉਂਕਿ ਉਸ ਦੀ ਦਸ਼ਾ ਬਹੁਤ ਖਰਾਬ ਹੈ। ਤਨ ਤੇ ਕਪੜੇ ਨਹੀਂ ਹਨ, ਸਾਰੇ ਸਰੀਰ ਤੇ ਖਰੋਚਾਂ ਪੈ ਕੇ ਖੁਨ ਵਗ ਰਿਹਾ ਹੈ। ਨਾਲ ਹੀ ਮੈਨੂੰ ਵੀ ਬਹੁਤ ਤੰਗ ਕਰਦੀ ਹੈ। ਲੱਕੜਾਂ ਲਿਆਉਣ ਵਿੱਚ ਕਠਿਨਾਈ ਹੁੰਦੀ ਹੈ।
ਸਤਿਗੁਰੂ ਅਮਰਦਾਸ ਜੀ ਨੇ ਸਿੱਖ ਦੀ ਗੱਲ ਬੜੇ ਧਿਆਨ ਨਾਲ ਸੁਣ ਕੇ ਉਸ ਨੂੰ ਧੀਰਜ ਦਿੱਤਾ ਤੇ ਕਿਹਾ ਭਾਈ ਸੱਚ-ਨਿ-ਸੱਚ ਜੀ ਕੱਲ ਜਾਣ ਲੱਗੇ ਮੇਰੇ ਕੋਲ ਹੋ ਕੇ ਲੱਕੜਾਂ ਨੂੰ ਜਾਣਾ। ਦੂਸਰੇ ਦਿਨ ਭਾਈ ਸੱਚ-ਨਿ-ਸੱਚ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਲੱਕੜਾਂ ਵਾਸਤੇ ਚੱਲਿਆਂ ਹਾਂ। ਸਿੱਖ  ਦੀ ਬੇਨਤੀ ਸੁਣਕੇ ਸਤਿਗੁਰੂ ਅਮਰਦਾਸ ਜੀ ਨੇ ਆਪਣੇ ਪੈਰਾ ਦਾ ਜੋੜਾ (ਧੋੜੀ ਦੀ ਜੁੱਤੀ) ਲਾਹ ਕੇ ਭਾਈ ਜੀ ਨੂੰ ਦੇ ਕੇ ਕਿਹਾ ਜਦੋਂ ਰਾਣੀ ਆਵੇ ਉਸਦੇ ਮੱਥੇ  ਵਿੱਚ ਲਗਾ ਦੇਵੀਂ ਠੀਕ ਹੋ ਜਾਵੇਗੀ। ਭਾਈ ਸੱਚ-ਨਿ-ਸੱਚ  ਜੀ ਬੜੇ ਸਤਿਕਾਰ ਨਾਲ ਜੋੜਾ ਸਾਹਿਬ ਨੂੰ ਰੁਮਾਲ ਵਿੱਚ ਲਪੇਟ ਕੇ ਸਿਰ ਤੇ ਰੱਖ ਲਿਆ ਅਤੇ ਲੱਕੜਾਂ ਵਾਸਤੇ ਚੱਲ ਪਏ। ਜੰਗਲ ਵਿੱਚ ਪਹੁੰਚ ਕੇ ਭਾਈ ਜੀ ਨੇ ਜੋੜਾ ਸਾਹਿਬ ਨੂੰ ਇੱਕ ਦਰੱਖਤ ਦੇ ਦੁਸਾਂਗ ਵਿੱਚ ਉੱਚੀ ਜਗਾ ਤੇ ਰੱਖ ਦਿੱਤਾ ਅਤੇ ਆਪ ਲੱਕੜਾਂ ਇੱਕਤਰ ਕਰਨ ਲੱਗ ਪਏ। ਇੰਨੇ ਵਿੱਚ ਹੀ ਕਮਲੀ ਰਾਣੀ ਰੌਲਾ ਪਾਉਂਦੀ ਹੋਈ ਆ ਗਈ। ਭਾਈ ਸਾਹਿਬ ਨੇ ਜੋੜਾ ਸਾਹਿਬ ਫੜ ਕੇ ਰਾਣੀ ਦੇ ਮੱਥੇ ਨਾਲ ਛੁਹਾ ਦਿੱਤਾ। ਧੰਨ-ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਰਾਣੀ ਬਿਲਕੁਲ ਠੀਕ ਠਾਕ ਹੋ ਗਈ ਅਤੇ ਸਰੀਰ ਤੇ ਕੱਪੜਾ ਨਾ ਹੋਣ ਕਾਰਨ ਇੱਕ ਪਾਸੇ ਬੈਠ ਗਈ। ਭਾਈ ਸੱਚ-ਨਿ-ਸੱਚ ਜੀ ਨੇ ਆਪਣੀ ਚਾਦਰ ਨਾਲੋਂ ਅੱਧੀ ਚਾਦਰ ਪਾੜ ਕੇ ਦਿੱਤੀ। ਜਿਸ ਨਾਲ ਰਾਣੀ ਨੇ ਤਨ ਕੱਜਿਆ। ਭਾਈ ਸਾਹਿਬ ਨੇ ਲੱਕੜਾਂ ਇਕੱਤਰ ਕਰ ਲਈਆਂ। ਰਾਣੀ ਨੇ ਭਾਈ ਸਾਹਿਬ ਨੂੰ ਪੁੱਛਿਆ ਕਿ ਮੈਂ ਹੁਣ ਕੀ ਕਰਾਂ, ਕਿਥੇ ਜਾਵਾਂ। ਭਾਈ ਸਾਹਿਬ ਨੇ ਰਾਣੀ ਨੂੰ ਕਿਹਾ ਕਿ ਸੱਚੇ ਸਤਿਗੁਰਾਂ ਦੀ ਤੇਰੇ ਤੇ ਮੇਹਰ ਹੋਈ ਹੈ। ਤੂੰ ਲੱਕੜਾਂ ਚੁੱਕ ਕੇ ਦਰਬਾਰ ਦੀ ਸੇਵਾ ਵਾਸਤੇ ਚੱਲ ਇਸ ਤਰਾਂ ਭਾਈ ਸੱਚ-ਨਿ-ਸੱਚ ਅਤੇ ਰਾਣੀ ਦੋਵੇਂ ਲੱਕੜਾਂ ਚੁੱਕ ਕੇ ਅੱਗੇ ਪਿੱਛੇ ਸਤਿਗੁਰੂ ਦੇ ਦਰਬਾਰ ਦੀ ਸੇਵਾ ਵੱਲ ਚੱਲ ਪਏ। ਜਦੋਂ ਦੋਵੇਂ ਜਣੇ ਦਰਬਾਰ ਪਹੁੰਚੇ ਤਾਂ ਸਤਿਗੁਰੂ ਵੇਖਕੇ ਬੜੇ ਪ੍ਸੰਨ ਹੋਏ ਅਤੇ ਕਿਹਾ ਜੋੜੀ ਬਹੁਤ ਫੱਬੀ ਹੈ। ਭਾਈ ਸੱਚ-ਨਿ-ਸੱਚ ਪਹਿਲਾਂ ਸ਼ਾਦੀ ਸ਼ੁਦਾ ਸਨ ਅਤੇ ਬਾਲ ਬੱਚੇਦਾਰ ਸਨ। ਇਸ ਲਈ ਭਾਈ ਜੀ ਨੇ ਸਤਿਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਮੇਰੀ ਪਹਿਲੀ ਪਤਨੀ ਨਰਾਜ ਹੋਵੇਗੀ। ਇਸ ਨਾਲ ਝਗੜਾ ਕਰੇਗੀ। ਮੇਰੇ ਘਰ ਵਿੱਚ ਝਗੜਾ ਵਧੇਗਾ ਤਾਂ ਸਤਿਗੁਰੂ ਜੀ ਨੇ ਭਾਈ ਸੱਚ-ਨਿ-ਸੱਚ ਜੀ ਨੂੰ ਧੀਰਜ ਦੇ ਕੇ ਕਿਹਾ ਕਿ ਸਿੱਖਾ ਇਹ ਤੈਨੂੰ ਹੀ ਲਿਜਾਣੀ ਪਵੇਗੀ। ਕਿਉਂ ਕਿ ਇੱਕ ਤਾਂ ਤੂੰ ਚਾਦਰ ਦੇ ਕੇ ਇਸ ਦਾ ਤਨ ਕੱਜਿਆ ਹੈ ਦੂਸਰਾ ਸਾਡੇ ਮੂੰਹੋਂ ਬਚਨ ਨਿਕਲਿਆ ਹੈ। ਇਸ ਲਈ ਇਹ ਤੇਰੇ ਹੁਕਮ ਵਿੱਚ ਹੀ ਰਹੇਗੀ ਅਤੇ ਝਗੜਾ ਵੀ ਨਹੀਂ ਕਰੇਗੀ। ਭਾਈ ਜੀ ਨੇ ਸਤਿ ਬਚਨ ਮੰਨਕੇ ਗੁਰੂ ਜੀ ਦੇ ਚਰਨਾ ਤੇ ਨਮਸਕਾਰ ਕੀਤੀ। ਸਤਿਗੁਰੂ ਜੀ ਪ੍ਸੰਨ ਹੋ ਕੇ ਦੂਜਾ ਜੋੜਾ ਵੀ ਦੇ ਦਿੱਤਾ ਅਤੇ ਕਿਹਾ ਜਾ ਸਿੱਖਾ ਤੇਰੀ ਸੇਵਾ ਪੂਰੀ ਹੋਈ ਹੈ ਅਤੇ ਇਹ ਜੋੜਾ ਲੈ ਜਾਵੋ ਸਤਿਨਾਮ ਦਾ ਉਪਦੇਸ ਕਰੋ ਅਤੇ ਸੰਗਤਾਂ ਦੀ ਸੇਵਾ ਕਰੋ। ਇਸ ਜੋੜੇ ਨੂੰ ਜੋ ਨਮਸਕਾਰ ਕਰੇਗਾ ਉਸਦੇ ਰੋਗ ਦੂਰ ਹੋਣਗੇ ਖਾਸ ਕਰਕੇ : 
੧)ਹੰਜੀਰਾ ਵਾਲਾ, ੨) ਪਾਗਲਪਨ, ੩) ਹਲਕੇ ਕੁੱਤੇ ਦਾ ਕੱਟਿਆ ਹੋਇਆ ਠੀਕ ਹੋਣਗੇ ਅਤੇ ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਰਹੇਗਾ।
ਯਹਿ ਪਨਹਿ ਭੀ ਬਖਸ਼ੀ ਤੁਮਕੋ, ਲੇ ਜਾਵੋ ਨਿਜ ਧਾਮੂ,
ਜਿਸ ਰੋਗੀ ਕੇ ਤਨ ਕੋ ਲਾਵਤ, ਨਸ ਹੋ ਰੋਗ ਤਮਾਮੂ
ਤੱਬ ਉਹ ਸਿੱਖ ਪਾਏ ਬਰ ਗੁਰਤੇ, ਲੈ ਪਨਹਿ ਅਰ ਨਾਰੀ,
ਰੈਨਾ ਨਾਮ ਦੇਸ ਲਮੇਂ ਮੈਂ, ਆਇਆ ਦੇਸ ਮਝਾਰੀ
ਜਿਸ ਬਿਮਾਰ ਕੇ ਤਨ ਕੋ ਪਨਹਿ ਲਾਵਤ ਰੋਗ ਨਸਾਵਤ,
ਇਸੀ ਤੌਰ ਮੈਂ ਦੇਸ ਤਿਸੀ ਮੈਂ, ਚੈਨਾਂ ਪੀਰ ਕਹਾਵਤ
 ਹੈ ਅਬ ਲੈ ਵਹਿ ਪਨਹਿ ਗੁਰ ਕੀ, ਬਿਦਤ ਦੇਸ ਤਿਸ ਮਾਹੀ,
ਰੋਗ ਹਜੀਰਾਂ ਅਬ ਭੀ ਤਿਸਤੇ ਰਹਿਤ ਛੁਹਾਏ ਨਾਹੀ
(ਪੰਥ ਪ੍ਕਾਸ਼ ਪੰਨਾ ੬੯)
ਦੋਵੇਂ ਜੋੜੇ ਲੈ ਕੇ ਸਤਿਗੁਰੂ ਨੂੰ ਨਮਸਕਾਰ ਕਰਕੇ ਰਾਣੀ ਸਮੇਤ ਸੱਚ-ਨਿ-ਸੱਚ ਜੀ ਆਪਣੇ ਜੱਦੀ ਪਿੰਡ ਧੁੰਨੀ ਮੱਲਾਂ ਦੀ ਜੋ ਕਿ ਅੱਜ ਕੱਲ ਪੱਛਮੀ ਪੰਜਾਬ (ਪਾਕਿਸਤਾਨ) ਦੇ ਜਿਲ੍ਹਾ ਗੁਜਰਾਂਵਾਲਾ, ਤਹਿਸੀਲ ਹਾਫਜਾਬਾਦ ਜੋ ਅੱਜ ਕੱਲ ਜਿਲ੍ਹਾ ਬਣ ਗਿਆ ਹੈ ਵਿਖੇ ਪਹੁੰਚ ਗਏ। ਬਾਬਾ ਜੀ ਦੀ ਪਹਿਲੀ ਪਤਨੀ ਨਾਰਾਜਗੀ ਵੱਸ ਇੱਕ ਜੋੜਾ ਅਤੇ ਬਾਲ ਬੱਚੇ ਲੈ ਕੇ ਆਪਣੇ ਪੇਕੇ ਪਿੰਡ ਮੱਦਰ ਜਿਲ੍ਹਾ ਲਾਹੌਰ ਵਿਖੇ ਚਲੀ ਗਈ।
ਬਾਬਾ ਸੱਚ-ਨਿ-ਸੱਚ ਦੇ ਘਰ ਉਸ ਰਾਣੀ ਦੀ ਕੁਖੋਂ ਦੋ ਸਪੁੱਤਰ ਰੂਪ ਮੱਲ ਅਤੇ ਹਰਾ ਮੱਲ ਪੈਦਾ ਹੋਏ। ਉਹਨਾਂ ਦੋਵਾਂ ਚੋਂ ਜੋ ਅੰਸ ਮੱਲਾਂ ਦੀ ਚਲਦੀ ਆ ਰਹੀ ਹੈ ਇਹ ਜੋੜਾ ਸਾਹਿਬ ਉਹਨਾਂ ਪਾਸ ਹੈ।
1947 ਦੀ ਪਾਕਿਸਤਾਨ ਹਿੰਦੋਸਤਾਨ ਦੀ ਵੰਡ ਪਿਛੋਂ ਇੱਕ ਜੋੜਾ ਪਿੰਡ ਸੈਦੇਵਾਲਾ ਜਿਲ੍ਹਾ ਮਨਸਾ ਵਿਖੇ ਮੌਜੂਦ ਹੈ। ਦੂਜਾ ਜੋੜਾ ਜਿਹਨਾ ਪਾਸ ਹੈ ਉਹ ਮਦਰਾ ਵਾਲੇ ਮੱਲ ਅਖਵਾਉਂਦੇ ਹਨ। ਗੁਰੂ ਜੀ ਦੀ ਕਿਰਪਾ ਨਾਲ ਸੰਗਤਾਂ ਦੂਰੋਂ ਚੱਲ ਕਿ ਜੋੜਾ ਸਾਹਿਬ ਜੀ ਦੇ ਦਰਸ਼ਨ ਕਰਕੇ ਸੁੱਖ ਪ੍ਰਾਪਤ ਕਰਦੀਆਂ ਹਨ। ਇੱਥੋਂ ਤੱਕ ਨਿਸਚਾ ਕਰਕੇ ਕਈਆਂ ਨੇ ਪੁੱਤਰਾਂ ਦੀ ਦਾਤ ਵੀ ਪ੍ਰਾਪਤ ਕੀਤੀ ਹੈ[ ਅਤੇ ਨਿੱਚਾ ਨਾਲ ਆਏ ਸ਼ਰਧਾਲੂ ਲਾ-ਇਲਾਜ ਰੋਗਾਂ ਤੋਂ ਵੀ ਬੱਚਕੇ ਜਾਂਦੇ ਹਨ।
ਸੰਗਤਾਂ ਦੀ ਅਤੇ ਸਤਿਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਇਸ ਜਗਾ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣ ਗਈ ਹੈ ਅਤੇ ਰਹਿੰਦੀ ਕਾਰ ਸੇਵਾ ਚੱਲ ਰਹੀ ਹੈ। ਪੜ੍ਨ ਵਾਲਿਆਂ ਨੂੰ ਬੇਨਤੀ ਹੈ ਕਿ ਇਹ ਪ੍ਸੰਗ ਪੜ੍ ਕੇ ਦੁਖੀਆਂ ਨੂੰ ਇਸ ਸਥਾਨ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨ।

ਦਾਸ : ਗੁਰਦੁਆਰਾ ਪ੍ਬੰਧਕ ਕਮੇਟੀ
ਪਿੰਡ ਸੈਦੇਵਾਲਾ (ਬੁਢਲਾਡਾ)